ਮਲਵੇ ਦਾ ਵਾਰਿਸ ਸ਼ਾਹ ❤️
ملوے دا وارث شاہ
ਮੈਨੂੰ ਰੱਖ ਲਓ ਨਗਰ ਮੈਂ ਜੀ, ਨਗਰ ਦੇ ਲੋਕੋ ਹੱਥਾਂ ਦੀਆਂ ਵਾਹੋ।
ਬਾਬੂ ਜਾਣ ਦਿਓ ਨਾ, ਦਾਸ ਦੀ ਕਬਰ ਬਣਾ ਲਓ ਸਾਹੋ।
ਪੰਜਾਬ ਦੇ ਮਸ਼ਹੂਰ ਸ਼ਾਇਰ ਬਾਬੂ ਰਜਬ ਅਲੀ ਜੀ ਦੇ ਪਿੰਡ 32/2L, ਓਕਾੜਾ ਜਾਣ ਦਾ ਮੌਕਾ ਮਿਲਿਆ। ਬਾਬੂ ਜੀ ਦੀ ਕਬਰ ‘ਤੇ ਹਾਜ਼ਰੀ ਦਿੱਤੀ ਅਤੇ ਉਹਨਾਂ ਦੇ ਪਰਿਵਾਰ ਨਾਲ ਮੁਲਾਕਾਤ ਹੋਈ। ਅੱਜ ਵੀ ਉਹਨਾਂ ਦਾ ਪਰਿਵਾਰ ਇਸ ਪਿੰਡ ਵਿੱਚ ਰਹਿੰਦਾ ਹੈ।

1947 ਦੀ ਵੰਡ ਵੇਲੇ ਬਾਬੂ ਜੀ ਭਾਰਤੀ ਪੰਜਾਬ ਦੇ ਪਿੰਡ ਸਾਹੋਕੇ, ਜ਼ਿਲ੍ਹਾ ਮੋਗਾ ਤੋਂ ਉੱਜੜ ਕੇ ਪਾਕਿਸਤਾਨ ਦੇ ਓਕਾੜਾ ਜ਼ਿਲ੍ਹੇ ਦੇ ਪਿੰਡ 32/2L ਵਿੱਚ ਆ ਵੱਸੇ ਸਨ। ਉਹਨਾਂ ਨੇ ਆਪਣੀ ਜ਼ਿੰਦਗੀ ਦੇ ਆਖ਼ਰੀ ਸਾਹਾਂ ਤੱਕ ਆਪਣੇ ਜੱਦੀ ਪਿੰਡ ਸਾਹੋਕੇ ਨੂੰ ਯਾਦ ਕੀਤਾ। ਉਹਨਾਂ ਦੇ ਦਿਲ ਵਿੱਚੋਂ ਆਪਣੇ ਵਤਨ ਲਈ ਉੱਠਦੀ ਤਾਂਘ ਉਹਨਾਂ ਦੇ ਕਲਾਮ ਵਿੱਚ ਸਦਾ ਲਈ ਦਰਜ ਹੋ ਗਈ।
ਮਲਵੇ ਦਾ ਵਾਰਿਸ ਸ਼ਾਹ — ਪਰ ਆਪਣੀ ਧਰਤੀ ‘ਤੇ ਕਿੰਨੇ ਕੁ ਜਾਣਦੇ ਹਨ?
ਚੜ੍ਹਦੇ ਪੰਜਾਬ ਦੇ ਲੋਕਾਂ ਨੇ ਬਾਬੂ ਜੀ ਨੂੰ ਅੱਜ ਵੀ ਉਹਨਾਂ ਦੇ ਕਲਾਮ ਰਾਹੀਂ ਜਿਊਂਦਾ ਰੱਖਿਆ ਹੋਇਆ ਹੈ। ਪਰ ਜਦੋਂ ਅਸੀਂ ਆਪਣੇ ਪੰਜਾਬ ਦੀ ਗੱਲ ਕਰਦੇ ਹਾਂ ਤਾਂ ਦੋ-ਚਾਰ ਲੋਕਾਂ ਤੋਂ ਇਲਾਵਾ ਬਾਬੂ ਜੀ ਦਾ ਨਾਂ ਵੀ ਕਿੰਨੇ ਲੋਕਾਂ ਨੂੰ ਪਤਾ ਹੈ?
ਇਹ ਹਾਲ ਹੈ ਸਾਡਾ!
ਇੱਕ ਪਾਸੇ ਮਲਵੇ ਦਾ ਵਾਰਿਸ ਸ਼ਾਹ, ਤੇ ਦੂਜੇ ਪਾਸੇ ਜਿਸ ਧਰਤੀ ‘ਤੇ ਆਣ ਕੇ ਉਹ ਵੱਸੇ, ਉੱਥੇ ਉਹਨਾਂ ਦੀ ਵਿਰਾਸਤ ਨੂੰ ਕਿੰਨੀ ਪਛਾਣ ਮਿਲੀ?
ਮੈਨੂੰ ਲੱਗਦਾ ਹੈ ਕਿ ਇਸ ਦੀ ਇੱਕ ਵੱਡੀ ਵਜ੍ਹਾ ਸਾਡੀ ਪੰਜਾਬੀ ਭਾਸ਼ਾ ਅਤੇ ਸਾਹਿਤ ਨੂੰ ਨਾ ਪੜ੍ਹਾਇਆ ਜਾਣਾ ਵੀ ਹੈ। ਆਪਣੀ ਮਾਂ-ਬੋਲੀ ਤੋਂ ਦੂਰ ਹੋਣਾ ਸਾਡੀ ਬਦਕਿਸਮਤੀ ਹੈ, ਕਿਉਂਕਿ ਜਦੋਂ ਅਸੀਂ ਆਪਣੀ ਭਾਸ਼ਾ ਪੜ੍ਹਨੀ ਛੱਡ ਦਿੰਦੇ ਹਾਂ ਤਾਂ ਹੌਲੀ-ਹੌਲੀ ਆਪਣੇ ਇਤਿਹਾਸ, ਆਪਣੇ ਸਾਹਿਤ ਅਤੇ ਆਪਣੇ ਵਿਰਸੇ ਤੋਂ ਵੀ ਦੂਰ ਹੋ ਜਾਂਦੇ ਹਾਂ।
ਬਾਬੂ ਰਜਬ ਅਲੀ ਜੀ ਦੀ ਬੋਲੀ ਵਿੱਚ ਪੰਜਾਬ ਦੇ ਪਿੰਡਾਂ ਦੀ ਦਾਸਤਾਨ ਸਿਰ ਚੜ੍ਹ ਕੇ ਬੋਲਦੀ ਹੈ। ਉਹਨਾਂ ਦੇ ਸ਼ਬਦਾਂ ਵਿੱਚ ਪੰਜਾਬ ਦੇ ਪਿੰਡਾਂ ਦਾ ਜੀਵਨ, ਲੋਕਾਂ ਦੇ ਰਿਸ਼ਤੇ, ਸੱਥਾਂ, ਸੱਭਿਆਚਾਰ ਅਤੇ ਮਿੱਟੀ ਦੀ ਮਹਿਕ ਵੱਸਦੀ ਹੈ।
ਪਰ ਸੰਤਾਲੀ ਦੀ ਵੰਡ ਨੇ ਬਾਬੂ ਜੀ ਨੂੰ ਬੇਹੱਦ ਦਰਦ ਦਿੱਤਾ। ਪਾਕਿਸਤਾਨ ਆ ਕੇ ਵੀ ਉਹਨਾਂ ਨੇ 1947 ਦੀ ਵੰਡ ਦਾ ਦੁੱਖ ਆਪਣੇ ਗੀਤਾਂ ਰਾਹੀਂ ਬਿਆਨ ਕੀਤਾ। ਸਰਹੱਦਾਂ ਬਦਲ ਗਈਆਂ, ਪਰ ਉਹਨਾਂ ਦੇ ਦਿਲ ਵਿੱਚ ਵੱਸਦਾ ਪੁਰਾਣਾ ਪੰਜਾਬ ਕਦੇ ਨਾ ਬਦਲਿਆ।
1947 ਦੀ ਵੰਡ ਦਾ ਦਰਦ — ਬਾਬੂ ਰਜਬ ਅਲੀ ਜੀ ਦੇ ਕਲਾਮ ਵਿੱਚ
ਬਾਬੂ ਜੀ ਆਪਣੇ ਆਖ਼ਰੀ ਸਾਹਾਂ ਤੱਕ ਆਪਣੇ ਪਿੰਡ ਸਾਹੋਕੇ ਨੂੰ ਯਾਦ ਕਰਦੇ ਰਹੇ। ਉਹਨਾਂ ਦੇ ਕਲਾਮ ਵਿੱਚ ਵਤਨ ਤੋਂ ਵਿਛੋੜੇ ਦੀ ਪੀੜ, ਪੁਰਾਣੇ ਘਰਾਂ ਦੀ ਯਾਦ ਅਤੇ ਆਪਣੀ ਮਿੱਟੀ ਵੱਲ ਮੁੜਨ ਦੀ ਤਾਂਘ ਸਾਫ਼ ਮਹਿਸੂਸ ਹੁੰਦੀ ਹੈ।
ਵੰਡ ਦੇ ਦਰਦ ਨੂੰ ਬਿਆਨ ਕਰਦੀਆਂ ਉਹਨਾਂ ਦੀਆਂ ਇਹ ਸਤਰਾਂ ਦਿਲ ਨੂੰ ਛੂਹ ਜਾਂਦੀਆਂ ਹਨ:
ਨੰਗ, ਕੰਗਾਲਾ ਹਰੀਜਨ ਹੋ, ਭਾਵੇਂ ਸਰਦਾਰ ਘਰੇ ਹੋ ਰਹਿਸੀ।
ਪਤਾ ਲੱਗਦਾ ਉੱਜੜ ਕੇ ਤੇ, ਨਹੀਂ ਚੀਜ਼ ਪਿਆਰੀ ਦੇਸ਼ ਦੇ ਜੈਸੀ।
ਬੰਨ੍ਹ ਟੁੱਟ ਗਿਆ ਸਬਰ ਦਾ ਜੀ, ਗ਼ਮਾਂ ਦੀ ਨਹਿਰ ਚੜ੍ਹਗੀਆਂ ਕਾਂਗਾਂ।
ਮੈਨੂੰ ਉੱਠਦੇ ਬੈਠਦੇ ਨੂੰ, ਰਹਿਣ ਹਰ ਵਕਤ ਵਤਨ ਦੀਆਂ ਤਾਂਘਾਂ॥
ਢਹਿ ਗਏ ਕਿੰਗਰੇ ਦਿਲਾਂ ਦੇ ਜੀ, ਮੇਰੀਆਂ ਰਹਿਣ ਦਲੀਲਾਂ ਡਿੱਗੀਆਂ।
ਮੈਂ ਵਾਂਗ ਸ਼ੁਦਾਈਆਂ ਜੀ, ਨੀਵੀਂ ਪਾ ਬਹਿ ਜਾਂ ਢਾਲ ਕੇ ਢਿੱਗੀਆਂ।
ਰੱਤ ਸਿੰਮਦੀ ਅੱਖੀਆਂ ‘ਚੋਂ, ਜਿਗਰ ‘ਤੇ ਮਾਰੇ ਵਿਛੋੜਾ ਸਾਂਗਾਂ।
ਮੈਨੂੰ ਉੱਠਦੇ ਬੈਠਦੇ ਨੂੰ, ਰਹਿਣ ਹਰ ਵਕਤ ਵਤਨ ਦੀਆਂ ਤਾਂਘਾਂ॥
ਹੇਠੋਂ ਧਰਤੀ ਨਿਕਲ ਜੂਗੀ, ਕਰਾਂ ਵਰਨਣ ਜੋ ਸਿਰਾਂ ‘ਤੇ ਵਰਤੀ।
ਕਿਸੇ ਵੇਲੇ ਭੁੱਲਦੇ ਨਾ, ਅੰਮਾ ਦੇ ਕੋਠੇ ਬਾਪ ਦੀ ਧਰਤੀ।
ਯਾਰਾਂ ਨਾਲ ਨੀਤਣੀ ਸੀ, ਕਿਤੋਂ ਨਾ ਸੁਣਨ ਸ਼ੌਕ ਦੀਆਂ ਬਾਂਗਾਂ।
ਮੈਨੂੰ ਉੱਠਦੇ ਬੈਠਦੇ ਨੂੰ, ਰਹਿਣ ਹਰ ਵਕਤ ਵਤਨ ਦੀਆਂ ਤਾਂਘਾਂ॥
ਪੈਂਦੇ ਘੁੰਮਰਾਂ ਲਹਿੰਗੇ ਜੀ, ਕੁੜਤੀਆਂ ਮੜ੍ਹੀਆਂ ਨਾਲ ਕਤੂਨਾ।
ਬਹਿ ਕੇ ਸੱਥ ‘ਚ ਵੇਖਦੇ ਸੀ, ਪਾਣੀ ਜਾਣ ਭਰਨ ਭਾਬੀਆਂ ਮੂਨਾਂ।
ਵੇਲਾ ਚੇਤੇ ਆ ਜੇ ਜੀ, ਸੁੱਤਾ ਪਿਆ ਉੱਠ ਪਾਂ ਮਾਰ ਕੇ ਚਾਂਗਾਂ।
ਮੈਨੂੰ ਉੱਠਦੇ ਬੈਠਦੇ ਨੂੰ, ਰਹਿਣ ਹਰ ਵਕਤ ਵਤਨ ਦੀਆਂ ਤਾਂਘਾਂ॥
ਇਹ ਸਿਰਫ਼ ਇੱਕ ਸ਼ਾਇਰ ਦੇ ਬੋਲ ਨਹੀਂ ਹਨ। ਇਹ ਉਸ ਇਨਸਾਨ ਦੀ ਅੰਦਰਲੀ ਆਵਾਜ਼ ਹੈ ਜਿਸ ਨੇ ਆਪਣਾ ਘਰ, ਆਪਣਾ ਪਿੰਡ ਅਤੇ ਆਪਣੀ ਜ਼ਿੰਦਗੀ ਦਾ ਇੱਕ ਅਹਿਮ ਹਿੱਸਾ ਪਿੱਛੇ ਛੱਡ ਦਿੱਤਾ ਸੀ।
ਵੰਡ ਤੋਂ ਬਾਅਦ ਕਿਸੇ ਹੋਰ ਧਰਤੀ ‘ਤੇ ਵੱਸ ਜਾਣਾ ਅਤੇ ਉਸ ਧਰਤੀ ਨੂੰ ਆਪਣਾ ਬਣਾਉਣਾ ਇੱਕ ਵੱਖਰੀ ਗੱਲ ਹੈ, ਪਰ ਜਿਸ ਮਿੱਟੀ ਵਿੱਚ ਬਚਪਨ ਬੀਤਿਆ ਹੋਵੇ, ਜਿਸ ਪਿੰਡ ਦੀਆਂ ਗਲੀਆਂ ਵਿੱਚ ਯਾਰਾਂ ਨਾਲ ਸਮਾਂ ਲੰਘਿਆ ਹੋਵੇ ਅਤੇ ਜਿਸ ਘਰ ਵਿੱਚ ਮਾਪਿਆਂ ਦੀਆਂ ਯਾਦਾਂ ਵੱਸਦੀਆਂ ਹੋਣ, ਉਸ ਨੂੰ ਭੁੱਲਣਾ ਸੌਖਾ ਨਹੀਂ ਹੁੰਦਾ।
ਬਾਬੂ ਜੀ ਦੀ ਕਵਿਤਾ ਸਾਨੂੰ ਇਹੀ ਅਹਿਸਾਸ ਕਰਵਾਉਂਦੀ ਹੈ ਕਿ ਵਤਨ ਸਿਰਫ਼ ਇੱਕ ਜਗ੍ਹਾ ਦਾ ਨਾਂ ਨਹੀਂ, ਸਗੋਂ ਯਾਦਾਂ, ਰਿਸ਼ਤਿਆਂ ਅਤੇ ਆਪਣੀ ਮਿੱਟੀ ਨਾਲ ਜੁੜੇ ਪਿਆਰ ਦਾ ਨਾਂ ਹੈ।
ਮੈਨੂੰ ਰੱਖ ਲਓ ਨਗਰ ਮੈਂ ਜੀ…
ਬਾਬੂ ਰਜਬ ਅਲੀ ਜੀ ਦੇ ਕਲਾਮ ਦੀਆਂ ਇਹ ਸਤਰਾਂ ਉਹਨਾਂ ਦੇ ਵਿਛੋੜੇ ਦੇ ਦਰਦ ਨੂੰ ਹੋਰ ਵੀ ਡੂੰਘਾਈ ਨਾਲ ਬਿਆਨ ਕਰਦੀਆਂ ਹਨ:
ਮੈਨੂੰ ਰੱਖ ਲਓ ਨਗਰ ਮੈਂ ਜੀ, ਨਗਰ ਦੇ ਲੋਕੋ ਹੱਥਾਂ ਦੀਆਂ ਵਾਹੋ।
ਬਾਬੂ ਜਾਣ ਦਿਓ ਨਾ, ਦਾਸ ਦੀ ਕਬਰ ਬਣਾ ਲਓ ਸਾਹੋ।
ਲਾਸ਼ ਦੱਬ ਦਿਓ ਗਾਮ ਮੈਂ ਜੀ, ਸੱਚੇ ਕੋਲ ਭੌਰ ਪਹੁੰਚ ਜੂ ਗਾਂ-ਗਾਂ।
ਮੈਨੂੰ ਉੱਠਦੇ ਬੈਠਦੇ ਨੂੰ, ਰਹਿਣ ਹਰ ਵਕਤ ਵਤਨ ਦੀਆਂ ਤਾਂਘਾਂ॥
ਇਨ੍ਹਾਂ ਸਤਰਾਂ ਵਿੱਚ ਆਪਣੇ ਪਿੰਡ ਦੀ ਮਿੱਟੀ ਨਾਲ ਜੁੜੇ ਰਹਿਣ ਦੀ ਕਿੰਨੀ ਡੂੰਘੀ ਇੱਛਾ ਹੈ। ਜਦੋਂ ਇੱਕ ਮਨੁੱਖ ਆਪਣੇ ਆਖ਼ਰੀ ਵੇਲੇ ਵੀ ਆਪਣੇ ਪਿੰਡ ਨੂੰ ਯਾਦ ਕਰਦਾ ਹੈ, ਤਾਂ ਇਹ ਅਹਿਸਾਸ ਹੁੰਦਾ ਹੈ ਕਿ ਆਪਣੀ ਧਰਤੀ ਨਾਲ ਮੋਹ ਕਿੰਨਾ ਗੂੜ੍ਹਾ ਹੁੰਦਾ ਹੈ।
ਅੱਜ ਬਾਬੂ ਜੀ ਦੀ ਕਬਰ ‘ਤੇ ਹਾਜ਼ਰੀ ਦੇ ਕੇ ਅਤੇ ਉਹਨਾਂ ਦੇ ਪਰਿਵਾਰ ਨੂੰ ਮਿਲ ਕੇ ਇਹ ਮਹਿਸੂਸ ਹੋਇਆ ਕਿ ਇਤਿਹਾਸ ਸਿਰਫ਼ ਕਿਤਾਬਾਂ ਵਿੱਚ ਨਹੀਂ ਵੱਸਦਾ। ਇਹ ਲੋਕਾਂ ਦੀਆਂ ਯਾਦਾਂ, ਉਹਨਾਂ ਦੇ ਘਰਾਂ, ਉਹਨਾਂ ਦੇ ਪਿੰਡਾਂ ਅਤੇ ਉਹਨਾਂ ਦੇ ਵਿਰਸੇ ਵਿੱਚ ਵੀ ਜਿਊਂਦਾ ਰਹਿੰਦਾ ਹੈ।
ਸ਼ਾਹਮੁਖੀ ਵਿੱਚ ਬਾਬੂ ਰਜਬ ਅਲੀ ਜੀ ਦਾ ਕਲਾਮ
ਪੰਜਾਬ ਦੀ ਸਾਂਝੀ ਵਿਰਾਸਤ ਨੂੰ ਸਮਝਣ ਲਈ ਸਾਨੂੰ ਗੁਰਮੁਖੀ ਅਤੇ ਸ਼ਾਹਮੁਖੀ ਦੋਵਾਂ ਲਿਪੀਆਂ ਵਿੱਚ ਲਿਖੇ ਸਾਹਿਤ ਨੂੰ ਸੰਭਾਲਣ ਦੀ ਲੋੜ ਹੈ। ਬਾਬੂ ਜੀ ਦੇ ਕਲਾਮ ਦੀ ਇਹ ਸ਼ਾਹਮੁਖੀ ਪੇਸ਼ਕਾਰੀ ਵੀ ਉਸੇ ਵਿਰਸੇ ਦਾ ਇੱਕ ਹਿੱਸਾ ਹੈ।
مینوں رکھ لو نگر میں جی، نگر دے لوگو ہتھاں دیاں واہو۔
بابو جان دیونا نہ، داس دی قبر بنا لو ساہو۔
ننگ، کنگالا ہریجن ہو، بھاویں سردار گھری ہو رہسی۔
پتہ لگدا اجڑ کے تے، نہیں چیز پیاری دیش دے جیسی۔
بنھ ٹٹ گیا صبر دا جی، غماں دی نہر چڑھ گئیاں کانگاں۔
مینوں اٹھدے بٹھدے نوں، رہن ہر وقت وطن دیاں تانگھاں॥
ڈھے گئے کنگرے دلاں دے جی، میریاں رہن دلیلّاں ڈگیاں۔
میں وانگ شدائیاں جی، نیویں پا بہہ جاں یا ڈھال کے ڈگھیاں۔
رت سمندی اکھیاں وچوں، جگر پر مارے وچھوڑا سانگاں۔
مینوں اٹھدے بٹھدے نوں، رہن ہر وقت وطن دیاں تانگھاں॥
ہیٹھوں دھرتی نکل جُو گی، کراں ورنن جو سراں پر ورتی۔
کسے ویلے بھلدے ناں، اماں دے کوٹھے باپ دی دھرتی۔
یاراں نال نیتنی سی، کتھوں نہ سنن شوق دیاں بانگاں۔
مینوں اٹھدے بٹھدے نوں، رہن ہر وقت وطن دیاں تانگھاں॥
پیندے گھمّراں لہنگے جی، کڑتیاں مڑھیاں نال کتونا۔
بہہ کے ستھ ‘چ ویکھدے سی، پانی جان بھرن بھابھیاں موناں۔
ویلا چیتے آ جائے جی، ستّا پیا اٹھ پاواں مار کے چانگاں۔
مینوں اٹھدے بٹھدے نوں، رہن ہر وقت وطن دیاں تانگھاں॥
مینوں رکھ لو نگر میں جی، نگر دے لوگو ہتھاں دیاں واہو۔
بابو جان دیونا نہ، داس دی قبر بنا لو ساہو۔
لاش دبّ دیو گام میں جی، سچے کول بھؤر پہنچ جُو گاں گاں۔
مینوں اٹھدے بٹھدے نوں، رہن ہر وقت وطن دیاں تانگھاں॥
ਆਪਣੀ ਮਾਂ-ਬੋਲੀ ਅਤੇ ਵਿਰਾਸਤ ਨੂੰ ਸੰਭਾਲਣਾ ਸਾਡੀ ਜ਼ਿੰਮੇਵਾਰੀ ਹੈ
ਬਾਬੂ ਰਜਬ ਅਲੀ ਜੀ ਵਰਗੇ ਸ਼ਾਇਰ ਸਾਡੀ ਸਾਂਝੀ ਪੰਜਾਬੀ ਵਿਰਾਸਤ ਦਾ ਅਨਮੋਲ ਹਿੱਸਾ ਹਨ। ਉਹਨਾਂ ਦੇ ਕਲਾਮ ਵਿੱਚ ਸਾਨੂੰ ਪੁਰਾਣੇ ਪੰਜਾਬ ਦੇ ਪਿੰਡਾਂ ਦਾ ਜੀਵਨ ਵੀ ਮਿਲਦਾ ਹੈ ਅਤੇ 1947 ਦੀ ਵੰਡ ਦਾ ਦਰਦ ਵੀ।
ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਅਜਿਹੇ ਸ਼ਾਇਰਾਂ ਨੂੰ ਸਿਰਫ਼ ਯਾਦ ਹੀ ਨਾ ਕਰੀਏ, ਸਗੋਂ ਉਹਨਾਂ ਦੀ ਰਚਨਾ ਨੂੰ ਅਗਲੀਆਂ ਪੀੜ੍ਹੀਆਂ ਤੱਕ ਵੀ ਪਹੁੰਚਾਈਏ। ਆਪਣੇ ਬੱਚਿਆਂ ਨੂੰ ਪੰਜਾਬੀ ਪੜ੍ਹਾਈਏ, ਆਪਣੇ ਸਾਹਿਤਕਾਰਾਂ ਬਾਰੇ ਦੱਸੀਏ ਅਤੇ ਆਪਣੀ ਮਿੱਟੀ ਨਾਲ ਜੁੜੀਆਂ ਯਾਦਾਂ ਨੂੰ ਜਿਊਂਦਾ ਰੱਖੀਏ।
ਸਰਹੱਦਾਂ ਨੇ ਪੰਜਾਬ ਨੂੰ ਦੋ ਹਿੱਸਿਆਂ ਵਿੱਚ ਵੰਡ ਦਿੱਤਾ, ਪਰ ਪੰਜਾਬੀ ਬੋਲੀ, ਸੱਭਿਆਚਾਰ, ਕਵਿਤਾ ਅਤੇ ਸਾਂਝੀਆਂ ਯਾਦਾਂ ਅੱਜ ਵੀ ਦਿਲਾਂ ਨੂੰ ਜੋੜਦੀਆਂ ਹਨ।
ਬਾਬੂ ਰਜਬ ਅਲੀ ਜੀ ਨੂੰ ਸੱਚੀ ਸ਼ਰਧਾਂਜਲੀ ਇਹੀ ਹੋਵੇਗੀ ਕਿ ਅਸੀਂ ਉਹਨਾਂ ਦੇ ਕਲਾਮ ਨੂੰ ਪੜ੍ਹੀਏ, ਸਮਝੀਏ ਅਤੇ ਆਪਣੀ ਵਿਰਾਸਤ ਦਾ ਹਿੱਸਾ ਬਣਾਈ ਰੱਖੀਏ।
ਬਾਬੂ ਰਜਬ ਅਲੀ ਜੀ ਨੂੰ ਦਿਲੋਂ ਸਲਾਮ। ❤️
— ਅੰਜੁਮ ਗਿੱਲ